Sunday, May 10

ਮੇਰੀਆਂ ਯਾਦਾਂ ਦਾ ਪਟਿਆਲਾ




















ਛਾਂ ਬਰਕਤ ਵਾਲੇ ਦੀ
ਪੁੰਨਿਆ ਦਾ ਚੰਨ ਚੜ੍ਹਦਾ
ਧਰਤੀ ਪਟਿਆਲੇ ਦੀ

ਪਟਿਆਲੇ ਬਾਰੇ ਪਟਿਆਲੇ ਦੇ ਹੀ ਇਕ ਪਿਆਰੇ ਸ਼ਾਇਰ ਦੋਸਤ ਕੁਲਵੰਤ ਗਰੇਵਾਲ ਦਾ ਇਹ ਟੱਪਾ ਪੜ੍ਹ ਕੇ ਮੈਨੂੰ ਮਸ਼ਹੂਰ ਸਪੈਨਿਸ਼ ਕਵੀ ਲੋਰਕਾ ਦੀ ਚੰਨ ਬਾਰੇ ਲਿਖੀ ਕਵਿਤਾ ਯਾਦ ਆ ਗਈ, ਜਿਸ ਵਿਚ ਉਹ ਲਿਖਦਾ ਹੈ:

ਜਾਮਣੀ ਹੁੰਦਾ ਹੈ
ਪੈਰਿਸ ਤੇ ਚੜ੍ਹਿਆ ਚੰਦ
ਕਿਸੇ ਮਰੇ ਹੋਏ ਸ਼ਹਿਰ ਤੇ
ਚੜ੍ਹਦਾ ਹੈ ਪੀਲਾ ਪੀਲਾ
ਹਰਾ ਵੀ ਹੋ ਜਾਂਦਾ ਹੈ
ਲੋਕ-ਕਥਾਵਾਂ ਦਾ ਚੰਦ
ਕਦੀ ਜਾਲੇ ਵਰਗਾ ਵੀ
ਕਦੀ ਸ਼ੀਸ਼ੇ ਦੇ ਟੁਕੜਿਆਂ ਵਿਚ ਫਸਿਆ ਹੋਇਆ
ਰੇਗਿਸਤਾਨਾਂ ਦੇ ਅਸਮਾਨਾਂ ਤੇ
ਖ਼ੂਨੀ ਚੰਦ ਵੀ ਚੜ੍ਹਦਾ ਹੈ
ਪਰ ਦੁੱਧ ਚਿੱਟਾ ਚੰਦ
ਅਸਲੀ ਚੰਦ, ਚੜ੍ਹਦਾ ਹੈ
ਸਿਰਫ਼ ਨਿੱਕੇ ਪਿੰਡ ਦੀਆਂ
ਚੁੱਪ ਕੀਤੀਆਂ ਕਬਰਾਂ ਤੇ
(ਅਨੁਵਾਦ: ਅਵਤਾਰ ਜੰਡਿਆਲਵੀ )

ਮੈਨੂੰ ਯਾਦ ਹੈ ਮੈ ਪਟਿਆਲੇ ਬਾਰੇ ਇਕ ਕਵਿਤਾ ਲਿਖੀ ਸੀ, ਉਹ ਵੀ ਚੰਦ ਦੇ ਬਿੰਬ ਨਾਲ ਹੀ ਸ਼ੁਰੂ ਹੁੰਦੀ ਸੀ

ਓਥੇ ਸੂਰਜ ਮੁੰਦਰਾਂ ਪਾ ਕੇ ਚੜ੍ਹਦਾ ਹੈ
ਤੇ ਚੰਨ ਕਾਲੇ ਚਸ਼ਮੇ ਪਹਿਨ ਕੇ

1966 ਵਿਚ ਰਣਧੀਰ ਕਾਲਜ ਕਪੂਰਥਲਾ ਤੋਂ ਬੀ ਏ ਕਰਨ ਤੋਂ ਬਾਅਦ ਐਮ ਏ ਪੰਜਾਬੀ ਕਰਨ ਦਾ ਫੈਸਲਾ ਹੋਇਆ ਤਾਂ ਇਹ ਫੈਸਲਾ ਕਰਨਾ ਬਾਕੀ ਸੀ ਕਿ ਐਮ ਏ ਕਿੱਥੇ ਕੀਤੀ ਜਾਵੇ। ਮੈਨੂੰ ਡਾ ਦਲੀਪ ਕੌਰ ਟਿਵਾਣਾ, ਪ੍ਰੋ ਗੁਲਵੰਤ ਸਿੰਘ, ਡਾ ਅਤਰ ਸਿੰਘ ਵਰਗੇ ਨਾਂਵਾਂ ਦੀ ਕਸ਼ਿਸ਼ ਪਟਿਆਲੇ ਵੱਲ ਨੂੰ ਖਿੱਚ ਰਹੀ ਸੀ। ਮੇਰਾ ਸਾਲਮ ਹਮਜਮਾਤੀ ਵੀਰ ਸਿੰਘ ਰੰਧਾਵਾ ਖ਼ਾਲਸਾ ਕਾਲਜ ਜਲੰਧਰ ਦੇ ਹੱਕ ਵਿਚ ਸੀ। ਉਸ ਦਾ ਕਹਿਣਾ ਸੀ ਸਵੇਰੇ ਘਰੋਂ ਰੋਟੀ ਖਾ ਕੇ ਸਾਈਕਲਾਂ ਤੇ ਜਲੰਧਰ ਜਾਇਆ ਕਰਾਂਗੇ ਤੇ ਲਉਢੇ ਵੇਲੇ ਆ ਕੇ ਖਾ ਲਿਆ ਕਰਾਂਗੇ। ਆਖ਼ਰ ਅਸੀਂ ਟੌਸ ਕੀਤੀ। ਟੌਸ ਵੀਰ ਸਿੰਘ ਜਿੱਤ ਗਿਆ ਪਰ ਮੈਂ ਟੌਸ ਤੋਂ ਵੀ ਮੁਨਕਰ ਹੋ ਗਿਆ ਤੇ ਦੂਜੇ ਦਿਨ ਪਟਿਆਲੇ ਨੂੰ ਜਾਂਦੀ ਕਰਤਾਰ ਬੱਸ ਫੜ ਲਈ। ਤੀਏ ਦਿਨ ਵੀਰ ਸਿੰਘ ਵੀ ਓਥੇ ਪਹੁੰਚ ਗਿਆ। ਪਟਿਆਲਾ ਮੇਰੇ ਲਈ ਇਕ ਅਲੋਕਾਰ ਦੁਨੀਆ ਦੇ ਦਰਵਾਜ਼ੇ ਵਾਂਗ ਖੁੱਲ੍ਹਾ। ਕਈ ਸਾਲ ਮੈਂ ਇਸ ਦੀ ਅਲੋਕਾਰਤਾ ਵਿਚ ਗੁਆਚਾ ਰਿਹਾ। ਇਸ ਦੀ ਅਲੋਕਾਰਤਾ ਦੇ ਮੇਲੇ ਵਿਚ ਮੈਂ ਤੇ ਵੀਰ ਸਿੰਘ ਵੀ ਵਿੱਛੜ ਗਏ। ਮੁੜ ਕੇ ਅਸੀਂ ਪਟਿਆਲੇ ਤੋਂ ਬਾਹਰ ਆ ਕੇ ਹੀ ਮਿਲੇ। ਪਟਿਆਲੇ ਨੂੰ ਅਲੋਕਾਰ ਬਣਾਉਣ ਵਿਚ ਸਾਹਿਤ ਕਲਾ ਦੀ ਹੀ ਪ੍ਰਮੁਖ ਭੂਮਿਕਾ ਹੈ। ਵਿਸ਼ਵ ਸਾਹਿਤ ਕਲਾ ਦੀ ਦੁਨੀਆ ਵਿਚ ਪ੍ਰਵੇਸ਼ ਕਰਨਾ ਮੇਰੇ ਲਈ ਏਥੇ ਆ ਕੇ ਹੀ ਸੰਭਵ ਹੋਇਆ। ਲੋਰਕਾ, ਬ੍ਰੈਫ਼ਤ, ਨੇਰੂਦਾ, ਸੋਖ਼ੋਕਲੀਜ਼, ਸਾਰਤਰ, ਕਾਮੂ ਏਥੇ ਇਸਤਰਾਂ ਹੀ ਸਨ ਜਿਵੇਂ ਕਪੂਰਥਲੇ ਬਾਵਾ ਬਲਵੰਤ, ਹਰਿਭਜਨ ਸਿੰਘ, ਸ਼ਿਵ ਕੁਮਾਰ, ਮੀਸ਼ਾ। ਲੋਰਕਾ, ਬ੍ਰੈਫ਼ਤ, ਨਰੂਦਾ ਮੈਨੂੰ ਪਹਿਲੋਂ ਪਹਿਲ ਕਿਸੇ ਲਾਇਬ੍ਰੇਰੀ ਦੀਆਂ ਸ਼ੈਲਫ਼ਾਂ ਤੇ ਨਹੀਂ ਮਿਲੇ, ਉਹ ਮੈਨੂੰ ਪਟਿਆਲੇ ਦੀਆਂ ਗਲੀਆਂ ਬਾਜ਼ਾਰਾਂ ਵਿਚ, ਸੜਕਾਂ ਤੇ ਲਾਲੀ ਨਾਲ ਤੁਰੇ ਫਿਰਦਿਆਂ ਮਿਲੇ। ਲਾਲੀ ਜੀ ਰਾਤ ਦਿਨੇ ਨਾਵਲਕਾਰਾਂ ਦੇ ਕਿਰਦਾਰਾਂ ਤੇ ਕਵੀਆਂ ਦੇ ਬਿੰਬਾਂ ਵਿਚਕਾਰ ਰਹਿੰਦੇ ਹਨ, ਉਨ੍ਹਾਂ ਦੀ ਯਾਦ ਤੇ ਗਿਆਨ ਵਿਚ ਜਦੋਂ ਉਸ ਦੀ ਸਿਰਜਣਾ-ਸ਼ਕਤੀ ਤੇ ਕਲਪਨਾ ਜੁੜਦੀ ਹੈ ਤਾਂ ਉਹ ਆਪਣੀਆਂ ਗੱਲਾਂ ਨਾਲ ਦੁਪਹਿਰਾਂ ਨੂੰ ਡੂੰਘੀਆਂ ਰਾਤਾਂ ਵਿਚ ਬਦਲ ਦਂੇਦੇ ਹਨ ਤੇ ਡੂੰਘੀਆਂ ਰਾਤਾਂ ਨੂੰ ਸਵੇਰਾਂ ਵਿਚ। ਇਕ ਸ਼ਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਾਲੀ ਜੀ ਮੈਨੂੰ ਕਹਿਣ ਲੱਗੇ: ਚੱਲ ਕਵੀ, ਸ਼ਹਿਰ ਚੱਲੀਏ?
ਪੈਦਲ ਹੀ? ਮੈਂ ਪੁੱਛਿਆ।
ਨਹੀਂ, ਕਥਾ ਤੇ ਸਵਾਰ ਚੱਲਾਂਗੇ।
ਅਸੀਂ ਚੱਲ ਪਏ। ਉਨ੍ਹਾਂ ਕੋਈ ਕਥਾ ਸ਼ੁਰੂ ਕੀਤੀ।
ਮੈਨੂੰ ਉਹ ਸਫ਼ਰ ਇਕ ਸੁਰ ਰੀਅਲ ਸਫ਼ਰ ਵਾਂਗ ਯਾਦ ਹੈ।
ਇਕ ਵਾਰ ਹੋਸਟਲ ਵਿਚ ਮੇਰੇ ਕੋਲ ਮੋਹਨਜੀਤ ਆਇਆ ਹੋਇਆ ਸੀ। ਰਾਤ ਨੂੰ ਗਿਆਰਾਂ ਕੁ ਵਜੇ ਅਸੀਂ ਬੱਤੀ ਬੁਝਾ ਕੇ ਰਜਾਈਆਂ ਵਿਚ ਵੜਨ ਹੀ ਲੱਗੇ ਸਾਂ ਕਿ ਕਮਰੇ ਦੇ ਦਰਵਾਜ਼ੇ ਤੇ ਦਸਤਕ ਹੋਈ ਤੇ ਆਵਾਜ਼ ਆਈ: ਕਬਰਾਂ ਵਿਚ ਪੈਣ ਲੱਗੇ ਓਂ? ਓਏ ਕਬਰਾਂ ਤਾਂ ਤੇਈਵਰ੍ਹੇ ਡੂੰਘੀਆਂ ਹੋ ਗਈਆਂ। ਕਬਰਾਂ ਉਤੇ ਕੋਈ ਫੁੱਲ ਬੂਟਾ ਹੀ ਬੀਜ ਦਿਓ, ਸ਼ੁਹਦਿਓ ਮੈਂ ਉਠ ਕੇ ਦਰਵਾਜ਼ਾ ਖੋਲ੍ਹਿਆ, ਲਾਲੀ ਸਾਹਿਬ ਖੜੇ ਸਨ: ਸਟੋਵ ਜਗਾ ਕਵੀਆ, ਤੱਤਾ ਪਾਣੀ ਧਰ ਦੇ, ਅੱਗ ਸੁਲਘਾਓ ਸ਼ਾਇਰੋ, ਬੜੀ ਉਦਾਸ ਹੈ ਰਾਤ ਪੜੇ ਮਜ਼ਾਰ ਪੇ ਕੁਛ ਹੈਂ ਦੀਏ ਯੇ ਟੂਟੇ ਹੂਏ ਇਨ੍ਹੀਂ ਸੇ ਕਾਮ ਚਲਾਓ ਬੜੀ ਉਦਾਸ ਹੈ ਰਾਤ ਲਾਲੀ ਸਾਹਿਬ ਨੇ ਗੱਲ ਪੰਜਾਬ ਦੇ ਬਟਵਾਰੇ ਤੋਂ ਸ਼ੁਰੂ ਕੀਤੀ। ਤੇਈ ਵਰ੍ਹੇ ਡੂੰਘੀਆਂ ਹੋਈਆਂ ਕਬਰਾਂ ਦਾ ਰਾਜ਼ ਖੁੱਲ੍ਹਾ। ਓਦੋ ਬਟਵਾਰੇ ਨੂੰ ਤੇਈ ਸਾਲ ਹੋਏ ਸਨ। ਲਾਹੌਰ ਦੀ ਫਿਲਮ ਇੰਡਸਟਰੀ ਤੋਂ ਗੱਲ ਮੀਨਾ ਕੁਮਾਰੀ ਤੱਕ, ਮੀਨਾ ਕੁਮਾਰੀ ਤੋ ਮਧੂਬਾਲਾ ਤੱਕ, ਮਧੂਬਾਲਾ ਤੋ ਮੈਰੇਲਿਨ ਮਨਰੋ ਤੱਕ, ਮਨਰੋ ਤੋਂ ਚਾਰਲੀ ਚੈਪਲਿਨ ਤੱਕ, ਚਾਰਲੀ ਚੈਪਲਿਨ ਤੋਂ ਉਸ ਦੀ ਫਿਲਮ ਦੇ ਗ੍ਰੇਟ ਡਿਕਟੇਟਰ ਤੱਕ ਜਿਸ ਵਿਚ ਤਾਨਾਸ਼ਾਹ ਗਲੋਬ ਨੂੰ ਫੁਟਬਾਲ ਬਣਾ ਕੇ ਖੇਡ ਰਿਹਾ ਹੈ। ਉਸ ਨੇ ਇਕ ਵੱਡੀ ਕਿੱਕ ਮਾਰੀ, ਗਲੋਬ ਉਡਿਆ, ਸਾਡੇ ਹੋਸਟਲ ਦੇ ਉਪਰੋਂ ਦੀ ਉਡਦਾ ਪੂਰਬ ਵਿਚ ਸੂਰਜ ਬਣ ਕੇ ਡਿਗ ਪਿਆ। ਇਉਂ ਸਾਡੀ ਸਵੇਰ ਹੋ ਗਈ। ਮੇਰੀਆਂ ਯਾਦਾਂ ਦਾ ਪਟਿਆਲਾ ਇਕ ਸੁਰ-ਰੀਅਲ ਸ਼ਹਿਰ ਹੈ ਜਿੱਥੇ ਸੂਰਜ ਮੁੰਦਰਾਂ ਪਾ ਕੇ ਆਉਦਾ ਹੈ ਤੇ ਚੰਨ ਕਾਲੇ ਚਸ਼ਮੇ ਲਾ ਕੇ। ਦਰਖ਼ਤਾਂ ਦੀਆਂ ਸ਼ਾਖ਼ਾਂ ਰਾਗ ਵਾਂਗ ਉਠਦੀਆਂ ਹਨ। ਪਾਣੀ ਕੰਢੇ ਉਗੇ ਵਲਾਇਤੀ ਅੱਕ ਦੇ ਫੁੱਲ ਛੋਟੇ ਛੋਟੇ ਜਾਮਨੀ ਸਪੀਕਰ ਹੁੰਦੇ ਹਨ। ਪਾਣੀ ਵਿਚ ਕੱਖ ਪੱਤਾ ਡਿਗਣ ਨਾਲ ਜੋ ਛੋਟੇ ਛੋਟੇ ਭੰਵਰ ਪੈਦਾ ਹੁੰਦੇ ਸਨ ਉਹ ਐਲ ਪੀ ਰਿਕਾਰਡ ਵਾਂਗ ਵੱਜਦੇ ਸਨ। ਇਕ ਸ਼ਾਮ ਅਸੀਂ ਪ੍ਰੋਫੈਸਰ ਰਾਜ਼ਦਾਂ ਦੇ ਡੇਰੇ ਆਏ। ਨਵੀਆਂ ਨਵੇਲੀਆਂ ਕਿਤਾਬਾਂ ਤੇ ਰਿਕਾਰਡਾਂ ਨਾਲ ਭਰਿਆ ਘਰ, ਮੋਹ-ਭਰੀਆਂ ਅੱਖਾਂ ਵਾਲੇ ਰਾਜ਼ਦਾਂ ਦਾ ਪਵਿੱਤਰ ਹਾਸਾ, ਲਿਸ਼ਕਦੇ ਗਲਾਸਾਂ ਵਿਚ ਸੋਨੇ ਰੰਗਾ ਪਾਗਲ ਪਾਣੀ, ਕਾਲੇ ਪਾਣੀ ਦੀ ਘੁੰਮਣਘੇਰੀ ਵਰਗਾ ਘੁੰਮ ਰਿਹਾ ਐਲ ਪੀ -ਜੀਊਇਸ਼ ਮੈਲੋਡੀਜ਼ (ਯਹੂਦੀ ਸੁਰਾਂ ) ਮੈਂ ਉਨ੍ਹਾਂ ਸੁਰਾ ਨੂੰ ਸੁਣਨ ਲੱਗਾ ਤਾਂ ਉਹ ਅਜੀਬ ਦ੍ਰਿਸ਼ਾਂ ਵਿਚ ਅਨੁਵਾਦ ਹੋਣ ਲੱਗੀਆਂ। ਲਾਲੀ ਜੀ ਨੂੰ ਅਸੀਂ ਇਕ ਵਾਰ ਪੁੱਛਿਆ ਤੁਸੀਂ ਕੁਝ ਲਿਖਦੇ ਕਿਉਂ ਨਹੀਂ? ਉਹ ਕਹਿਣ ਲੱਗੇ: ਲਿਖਾਂ ਕਿਵੇਂ? ਮੇਰੇ ਇਕ ਪਾਸੇ ਬੁੱਲ੍ਹੇ ਸ਼ਾਹ ਖੜਾ ਦੇਖ ਰਿਹਾ, ਦੂਜੇ ਪਾਸੇ ਦੋਸਤੋ ਵਸਕੀ ਕਹਿ ਰਿਹਾ: ਦਿਖਾ ਤਾਂ ਕੀ ਲਿਖਿਆ ਕਹਿੰਦੇ ਨੇ ਲਾਲੀ ਸਾਹਿਬ ਜਦੋਂ ਬੀ ਏ ਕਰ ਰਹੇ ਸਨ ਤਾਂ ਉਹ ਇਕ ਕਹਾਣੀ ਲਿਖ ਕੇ ਆਪਣੇ ਇਕ ਬਹੁਤ ਹੀ ਪੜ੍ਹੇ ਲਿਖੇ ਮਾਮਾ ਜੀ ਕੋਲ ਲੈ ਕੇ ਗਏ, ਜਿਨ੍ਹਾਂ ਨੇ ਕਹਾਣੀ ਪੜ੍ਹ ਕੇ ਲਾਲੀ ਨੂੰ ਕਿਹਾ: ਜੇ ਲਿਖਣਾ ਹੈ ਤਾਂ ਦੋਸਤੋਵਸਕੀ ਤੋਂ ਕੋਈ ਅਗਾਂਹ ਦੀ ਗੱਲ ਕਰ, ਨਹੀਂ ਤਾਂ ਲਿਖਣ ਦੀ ਕੋਈ ਲੋੜ ਨਹੀਂ। ਸ਼ਾਇਦ ਇਹ ਗੱਲ ਲਾਲੀ ਹੋਰਾਂ ਦੇ ਮਨ ਵਿਚ ਪੂਰਨਤਾਵਾਦ ਦੀ ਇਕ ਅਪਹੁੰਚ ਚੋਟੀ ਬਣ ਗਈ। ਮੈਂ ਜਿੰਨੇ ਸਾਲ ਪਟਿਆਲੇ ਰਿਹਾ, ਇਨ੍ਹਾਂ ਦੇਖਣ ਵਾਲਿਆਂ ਕੋਲੋਂ ਛੁਪ ਛੁਪਾ ਕੇ ਜਾਂ ਸ਼ਾਇਦ ਇਸ ਸ਼ੇਅਰ ਤੋਂ ਹੌਸਲਾ ਲੈ ਕੇ ਲਿਖਦਾ ਤਾਂ ਰਿਹਾ ਕਿ: ਅਪਨੇ ਅਲਫ਼ਾਜ਼ ਮੇਂ ਬਾਤ ਅਪਨੀ ਕਹੋ ਮੀਰ ਕਾ ਸ਼ੇਅਰ ਤੋ ਮੀਰ ਕਾ ਸ਼ੇਅਰ ਹੈ ਪਰ ਛਪਿਆ ਬਹੁਤ ਘੱਟ। ਬਾਅਦ ਵਿਚ ਪੂਰਨਤਾਵਾਦ ਨਾਲ ਸੰਵਾਦ ਕਰਦਿਆਂ ਮੈਂ ਇਹ ਸ਼ੇਅਰ ਲਿਖਿਆ:
ਲੱਖ ਸਫ਼ਾ ਮੈਂ ਫੋਲਿਆ, ਕਿਤਿਓਂ ਵੀ ਨਾ ਲੱਭਿਆ ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ

ਜਦੋਂ ਅਸੀਂ ਪਟਿਆਲੇ ਗਏ, ਭੂਤਵਾੜਾ ਉਜੜ ਚੁੱਕਾ ਸੀ ਪਰ ਭੂਤ ਅਕਸਰ ਆਉਂਦੇ ਜਾਂਦੇ ਰਹਿੰਦੇ। ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਨਵਤੇਜ ਭਾਰਤੀ। ਏਥੇ ਹੀ ਮੈਨੂੰ ਨੂਰ ਪਹਿਲੀ ਵਾਰੀ ਮਿਲਿਆ। ਨੂਰ ਦੀ ਆਵਾਜ਼ ਵਿਚ ਅਕਸਰ ਅਸੀਂ ਕੰਙਣਾਂ ਦਾ ਗੀਤ ਸੁਣਦੇ। ਨੂਰ ਕੋਲ ਬਹੁਤ ਸਾਰੀਆਂ ਪੁਸਤਕਾਂ ਹੁੰਦੀਆਂ, ਜੋ ਆਮ ਤੌਰ ਤੇ ਪੈਗੁਇਨ ਪ੍ਰਕਾਸ਼ਨ ਦੀਆਂ ਹੁੰਦੀਆਂ। ਇਸ ਲਈ ਮੈਂ ਤੇ ਪੋਜ਼ੀਅਰ ਨੇ ਨੂਰ ਦਾ ਨਾਮ ਰੱਖਿਆ ਹੋਇਆ ਸੀ: ਪੈਗੁਇਨ ਪਾਤਸ਼ਾਹ। ਏਥੇ ਹੀ ਮੈਂ ਕੁਲਵੰਤ ਗਰੇਵਾਲ ਹੋਰਾਂ ਨੂੰ ਗਾਉਦਿਆਂ ਸੁਣਿਆਂ: ਮਾਂ ਮੇਰੀ ਪੀਹਦੀ ਏ, ਨਿੱਕਾ ਨਿੱਕਾ ਦਾਣਾ। ਕੁਲਵੰਤ ਗਰੇਵਾਲ ਦੀ ਆਵਾਜ਼ ਕਿਸੇ ਵਗਦੇ ਖੂਹ ਦੀਆਂ ਛਲਕਦੀਆਂ ਟਿੰਡਾਂ ਚੋਂ ਕਿਰਦੀ ਪਰਭਾਤ ਵਾਂਗ ਹਨ੍ਹੇਰੇ ਵਿਚੋਂ ਉਠਦੀ, ਅੰਮ੍ਰਿਤ ਵੇਲਾ ਬਣਦੀ। ਸ਼ਾਇਦ ਤੀਹ ਸਾਲ ਹੋ ਗਏ ਪਰ ਹਾਲੇ ਵੀ ਉਸਦਾ ਅਸਰ ਯਾਦ ਹੈ। ਇਕ ਰਾਤ ਹੋਸਟਲ ਵਿਚ ਸਭ ਦੋਸਤਾਂ ਦੇ ਤਖ਼ੱਲੁਸ ਰੱਖੇ ਜਾਣ ਲੱਗੇ। ਪੈਟਰਨ ਇਹ ਸੀ ਕਿ ਨਾਮ ਸੁਭਾਅ ਨਾਲ ਮਿਲਦਾ ਹੋਵੇ ਤੇ ਬੰਦੇ ਦੇ ਪਿੰਡ ਜਾਂ ਸ਼ਹਿਰ ਦੇ ਪਹਿਲੇ ਅੱਖਰ ਨਾਲ ਨਾਮ ਦਾ ਪਹਿਲਾ ਅੱਖਰ ਮਿਲਦਾ ਹੋਵੇ। ਢਾਰਵੀ ਦਾ ਨਾਮ ਰੱਖਿਆ ਗਿਆ: ਲੇਕਿਨ ਲੁਧਿਆਣਵੀ। ਰਵੀ ਲੁਧਿਆਣੇ ਦਾ ਸੀ ਤੇ ਉਹ ਆਪਣੀ ਗੱਲਬਾਤ ਵਿਚ ਲੇਕਿਨ ਦਾ ਇਸਤੇਮਾਲ ਬਹੁਤ ਕਰਦਾ ਸੀ। ਨੂਰ ਦਾ ਜਨਮ ਕੋਟ ਕਪੂਰੇ ਵਿਚ ਹੋਇਆ ਸੀ, ਉਸਦਾ ਨਾਮ ਰੱਖਿਆ ਗਿਆ: ਕੰਙਣ ਕੋਟ ਕਪੂਰਵੀ, ਮੇਰੇ ਪਿੰਡ ਪੱਤੜ ਕਲਾਂ ਨਾਲ ਮੇਲ ਕੇ ਕੋਈ ਨਾਮ ਨਾ ਲੱਭਿਆ ਤਾਂ ਜਿਲੇ ਨਾਲ ਮੇਲ ਕੇ ਰੱਖਿਆ ਗਿਆ: ਜਸਟੀਫਾਈਡ ਜਲੰਧਰੀ। ਰਣਜੀਤ ਬਾਜਵੇ ਨੇ ਕਿਹਾ ਮੈਂ ਬਟਾਲੇ ਤੋਂ ਹਾਂ, ਉਸਦਾ ਜੋ ਤਖ਼ੱਲੁਸ ਰੱਖਿਆ ਗਿਆ, ਉਸ ਦੀ ਉਹ ਤਾਬ ਸਹਿ ਨਾ ਸਕਿਆ ਤੇ ਕਹਿਣ ਲੱਗਾ: ਦੋਸਤੋ ਅਸਲ ਵਿਚ ਮੈਂ ਗੁਰਦਾਸ ਪੁਰ ਤੋਂ ਹਾਂ, ਮੇਰਾ ਤਖ਼ੱਲੁਸ ਗੱਗੇ ਤੋਂ ਰੱਖੋ, ਨਾ ਕਿ ਬੱਬੇ ਤੋਂ। ਜੋ ਨਾਮ ਗੱਗੇ ਤੋਂ ਰੱਖਿਆ ਗਿਆ ਉਹ ਬੱਬੇ ਤੋਂ ਰੱਖੇ ਗਏ ਨਾਮ ਤੋਂ ਵੀ ਵੱਧ ਖ਼ਤਰਨਾਕ ਸੀ। ਸੋ ਰਣਜੀਤ ਗੁਰਦਾਸ ਪੁਰ ਤੋਂ ਦੌੜ ਕੇ ਕਾਦੀਆਂ ਪਹੁੰਚ ਗਿਆ। ਕਹਿਣ ਲੱਗਾ ਮੇਰਾ ਜਨਮ ਕਾਦੀਆਂ ਦਾ ਹੈ ਸੋ ਮੇਰਾ ਨਾਮ ਕੱਕੇ ਤੋਂ ਰੱਖੋ। ਦੋਸਤਾਂ ਨੇ ਕੱਕੇ ਤੋਂ ਨਾਂ ਰੱਖਣ ਵੇਲੇ ਵੀ ਖ਼ੈਰ ਨਾ ਗੁਜ਼ਾਰੀ ਪਰ ਰਣਜੀਤ ਕੋਲ ਜਾਣ ਲਈ ਕੋਈ ਹੋਰ ਸ਼ਹਿਰ ਜਾਂ ਪਿੰਡ ਨਹੀ ਸੀ। ਸੋ ਰਣਜੀਤ ਨੇ ਹੱਸ ਕੇ ਆਪਣੀ ਹਸੰਦੜ ਬੇਬਸੀ ਨਾਲ ਉਹ ਨਾਮ ਪ੍ਰਵਾਨ ਕਰ ਲਿਆ। ਪਰ ਇਕ ਨਾਮ ਜੋ ਬਹੁਤ ਫਬਿਆ ਤੇ ਨਿਭਿਆ, ਉਹ ਸੀ ਪੋਜ਼ੀਅਰ ਪਟਿਆਲਵੀ। ਇਹ ਨਾਮ ਸੁਰਜੀਤ ਮਾਨ ਨੂੰ ਦਿੱਤਾ ਗਿਆ। ਸੁਰਜੀਤ ਸੁਹਣਾ ਸੁਨੱਖਾ ਸੀ ਤੇ ਹੈ। ਕੁਝ ਉਹ ਪੋਜ਼ ਕਰਕੇ ਕੁੜੀਆਂ ਨੂੰ ਭਰਮਾ ਲੈਦਾ ਸੀ। ਜਦੋਂ ਉਸ ਦੀ ਕਿਸੇ ਨਾਲ ਦੋਸਤੀ ਜੋਬਨ ਤੇ ਹੁੰਦੀ ਤਾਂ ਉਹ ਸਾਨੂੰ ਘੱਟ ਵੱਧ ਹੀ ਮਿਲਦਾ ਪਰ ਫਿਰ ਕਿਸੇ ਸ਼ਾਮ ਉਹ ਆਪਣੀਆਂ ਸ਼ਰਬਤੀ ਅੱਖਾਂ ਨੂੰ ਗੁਲਾਬੀ ਕਰੀ ਯਾਰਾਂ ਦੇ ਬੂਹੇ ਤੇ ਆ ਜਾਂਦਾ। ਅਸੀਂ ਸਮਝ ਜਾਂਦੇ ਸੱਜਰੇ ਟੁੱਟੇ ਨਿਹੁੰ ਦੀ ਕਹਾਣੀ। ਉਹ ਕੁਝ ਦਿਨ ਉਦਾਸ ਰਹਿੰਦਾ ਤੇ ਫਿਰ ਨੌ ਬਰ ਨੌਂ ਹੋ ਕੇ ਝਨਾਂ ਦੇ ਪੱਤਣ ਤੇ ਆ ਜਾਂਦਾ। ਅੱਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਕੱਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ ਇਹ ਸ਼ੇਅਰ ਮੈ ਤੇਰੇ ਬਾਰੇ ਹੀ ਲਿਖਿਆ ਸੀ। ਮੈਂ ਅਕਸਰ ਸੁਰਜੀਤ ਨੂੰ ਛੇੜਦਾ ਹਾਂ। ਏਥੇ ਹੀ ਮਾਝੇ ਦੇ ਅੱਖੜ ਜੱਟ ਜੋਗਿੰਦਰ ਕੈਰੋਂ ਨਾਲ ਮੇਰੀ ਦੋਸਤੀ ਹੋਈ। ਕੈਰੋਂ ਨਾਲ ਮੇਰੀ ਦੋਸਤੀ ਉਸਦੇ ਸੁਪਨਿਆਂ ਕਾਰਣ ਹੋਈ। ਉਹ ਅਕਸਰ ਹਰ ਸਵੇਰ ਉਠ ਕੇ ਆਪਣੇ ਸੁਪਨੇ ਸੁਣਾਉਦਾ। ਇਕ ਦਿਨ ਉਹਨੇ ਸੁਪਨਾ ਸੁਣਾਇਆ: ਪਿੰਡ ਵਿਚ ਚੋਰੀ ਹੋ ਗਈ। ਪਿੰਡ ਦੀ ਪੰਚਾਇਤ ਬੈਠੀ ਇਹ ਸੋਚਣ ਲਈ ਕਿ ਚੋਰਾਂ ਨੂੰ ਕਿਵੇ ਪਕੜਿਆ ਜਾਵੇ। ਇਕ ਸਿਆਣੇ ਨੇ ਕਿਹਾ: ਪੰਚੋ, ਤੁਸੀਂ ਉਹ ਗੱਲ ਤਾਂ ਸੁਣੀ ਹੋਵੇਗੀ ਕਿ ਚੋਰਾਂ ਨੂੰ ਮੋਰ ਪੈ ਗਏ। ਸੋ ਇਨ੍ਹਾਂ ਚੋਰਾਂ ਨੂੰ ਲੱਭਣ ਦੀ ਡਿਊਟੀ ਮੋਰਾਂ ਦੀ ਲਾਈ ਜਾਵੇ। ਸੁਪਨੇ ਦਾ ਅਗਲਾ ਦ੍ਰਿਸ਼ ਸੀ ਕਿ ਨਹਿਰ ਦੀ ਪਟੜੀ ਤੇ ਸੈਕੜੇ ਹੀ ਮੋਰ ਆਪਣੇ ਪੰਖ ਖੋਲ੍ਹੀ ਖੜੇ ਹਨ ਤੇ ਉਨ੍ਹਾਂ ਦੇ ਸ਼ੱਫ਼ਾਫ਼ ਅਕਸ ਨਹਿਰ ਦੇ ਪਾਣੀ ਵਿਚ ਪੈ ਰਹੇ ਹਨ। ਪਟਿਆਲੇ ਵਿਚ ਹੀ ਉਹ ਪਾਪਲਰ ਦਾ ਦਰਖ਼ਤ ਹੈ ਜਿਹੜਾ ਉਸ ਵੇਲੇ ਹਵਾ ਵਿਚ ਝੂਲ ਰਿਹਾ ਸੀ ਜਿਸ ਵੇਲੇ ਉਸ ਦੇ ਹੇਠੋਂ ਦੀ ਉਹ ਸ਼ਖ਼ਸ ਲੰਘਿਆ ਹੈ ਜਿਸ ਬਾਰੇ ਮੈਂ ਲਿਖਿਆ:
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ
ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ

ਤੇ ਏਥੇ ਹੀ ਇਕ ਸ਼ਾਮ ਇਕ ਵਿਦਾ ਦੇ ਵੇਲੇ ਮੈ ਲਿਖਿਆ ਸੀ:
ਮੇਰਾ ਸੂਰਜ ਡੁੱਬਿਆ ਹੈ, ਤੇਰੀ ਸ਼ਾਮ ਨਹੀਂ ਹੈ
ਤੇਰੇ ਸਿਰ ਤੇ ਤਾਂ ਸਿਹਰਾ ਹੈ, ਇਲਜ਼ਾਮ ਨਹੀਂ ਹੈ
ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ

ਏਥੇ ਰਹਿੰਦਿਆਂ ਹੀ ਉਹ ਲਾਲ ਹਨ੍ਹੇਰੀ ਝੁੱਲੀ ਜਿਸ ਨੂੰ ਨਕਸਲਬਾੜੀ ਲਹਿਰ ਕਹਿੰਦੇ ਹਨ ਤੇ ਇਸ ਦੀ ਸਾਰਥਕਤਾ ਨਿਰਾਰਥਕਤਾ ਬਾਰੇ ਖ਼ੂੰਖ਼ਾਰ ਬਹਿਸਾਂ ਹੋਈਆਂ। ਏਥੇ ਹੀ ਨੂਰ ਨੇ ਤੇ ਮੈਂ ਕਲਜੁਗ ਨਾਂ ਦੀ ਮਿੰਨੀ ਪੱਤ੍ਰਿਕਾ ਕੱਢੀ। ਅਨੇਕਾਂ ਚਿਹਰੇ ਜੋ ਬਾਅਦ ਵਿਚ ਹੋਰ ਸ਼ਹਿਰਾਂ ਦੀ ਜ਼ੀਨਤ ਬਣ ਗਏ, ਮੈਂ ਪਹਿਲੀ ਵਾਰ ਏਥੇ ਹੀ ਦੇਖੇ: ਡਾ ਅਤਰ ਸਿੰਘ, ਜੋਗਾ ਸਿੰਘ, ਸੂਬਾ ਸਿੰਘ। ਤ੍ਰੈਲੋਚਨ ਵੀ ਆਪਣੀਆਂ ਜਾਨਲੇਵਾ ਬੇਚੈਨੀਆਂ ਸਮੇਤ ਏਥੇ ਹੀ ਮਿਲਿਆ। ਏਥੇ ਹੀ ਮਿਲਿਆ ਰਣਜੀਤ ਸਿੰਘ ਬਾਜਵਾ ਜੋ ਭਾਸ਼ਨ ਪ੍ਰਤਿਯੋਗਤਾਵਾਂ ਵਿਚ ਹਮੇਸ਼ਾ ਅੱਵਲ ਰਹਿੰਦਾ। ਉਹ ਭਾਸ਼ਨ ਭਾਂਵੇਂ ਗੁਰੂ ਨਾਂਨਕ ਦੇਵ ਜੀ ਬਾਰੇ ਹੁੰਦਾ ਜ਼ਜਾਂ ਆਈਨਸਟਾਈਨ ਬਾਰੇ, ਧਰਮ ਬਾਰੇ ਹੁੰਦਾ ਜਾਂ ਆਧੁਨਿਕਤਾ ਬਾਰੇ ਉਹ ਇਸ ਪਹਿਰੇ ਨਾਲ ਹੀ ਸ਼ੁਰੂ ਹੁੰਦਾ: ਪ੍ਰਧਾਨ ਜੀ, ਸਮੇਂ ਦੇ ਰੂਪਾਤਮਕ ਗਤੀਸ਼ੀਲ ਪ੍ਰਪੰਚ ਵਿਚ, ਪੱਛਮੀ ਪੌਣਾਂ ਦੇ ਸੰਗੀਤ ਨੂੰ ਸੁਣਦਾ, ਹੋਦ ਤੇ ਅਣਹੋਦ ਦੇ ਤਾਣੇ ਵਿਚ ਉਲਝਿਆ, ਜ਼ਮੀਨ ਤੇ ਅਸਮਾਨ ਵਿਚ ਲਟਕਿਆ, ਵਸਤੂਆਂ ਨੂੰ ਪ੍ਰæਤੀਕਾਂ ਵਿਚ ਪਰਵਰਤਿਰ ਕਰਦਾ ਆਦਮੀ ਦਾ ਪੁਤਲਾ ਕਿੱਧਰ ਨੂੰ ਜਾ ਰਿਹਾ ਹੈ? ਉਸ ਦੀ ਸ਼ਾਬਦਿਕ ਹਨ੍ਹੇਰੀ ਸਾਹਮਣੇ ਕੋਈ ਨਾ ਠਹਿਰਦਾ। ਤੇ ਫਿਰ ਉਹ ਦਿਨ ਆਇਆ ਜੋ ਇਸ ਸਾਰੇ ਝੁੰਡ ਵਿਚੋਂ ਬਹੁਤਿਆਂ ਦੇ ਖਿੰਡ ਪੁੰਡ ਜਾਣ ਦਾ ਸਬੱਬ ਬਣਿਆ। ਯੂਨੀਵਰਸਿਟੀ ਵਿਚ ਗੁਰੂ ਨਾਂਨਕ ਦੇਵ ਜੀ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ। ਪੰਡਾਲ ਸਜੇ ਹੋਏ ਸਨ। ਕੋਈ ਕੇਦਰੀ ਮੰਤਰੀ, ਸ਼ਾਇਦ ਚਵਾਨ ਭਾਸ਼ਨ ਦੇ ਰਿਹਾ ਸੀ। ਪਹਿਲਾਂ ਹੀ ਮਿਥੇ ਗੁਪਤ ਪ੍ਰੋਗਰਾਮ ਮੁਤਾਬਿਕ ਇਕ ਗਰਮ ਵਿਦਿਆਰਥੀ ਨੇ ਜ਼ਿੰਦਾਬਾਦ ਮੁਰਦਾਬਾਦ ਸ਼ੁਰੂ ਕਰ ਦਿੱਤਾ। ਹਫੜਾ ਦਫੜੀ ਮਚ ਗਈ। ਸਿਪਾਹੀਆਂ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਕੁਝ ਦੌੜ ਗਏ, ਕੁਝ ਫੜੇ ਗਏ। ਇਨ੍ਹਾਂ ਵਿਚ ਇਕ ਰਣਜੀਤ ਰੰਗੀਲਾ ਸੀ। ਇਕ ਸਿਪਾਹੀ ਨੇ ਇਕ ਵਿਦਿਆਰਥੀ ਨੂੰ ਗੰਦੀ ਗਾਲ ਕੱਢੀ। ਰੰਗੀਲੇ ਨੇ ਸਿਪਾਹੀ ਨੂੰ ਕਿਹਾ: ਸ਼੍ਰੀ ਮਾਨ, ਆਪਣੇ ਸ਼ਬਦ ਵਾਪਸ ਲਵੋ। ਸਿਪਾਹੀ ਨੇ ਸ਼ਬਦ ਤਾਂ ਵਾਪਸ ਕੀ ਲੈਣੈ ਸਨ, ਉਨ੍ਹਾਂ ਲਫ਼ਜ਼ਾਂ ਦਾ ਲਾਠੀਆਂ ਵਿਚ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਰੰਗੀਲੇ ਦਾ ਕੁੱਟ ਕੁੱਟ ਬੁਰਾ ਹਾਲ ਕਰ ਦਿੱਤਾ। ਉਹ ਰੰਗੀਲਾ ਭਾਰਤੀਯ ਭਾਸ਼ਾ ਸੰਸਥਾਨ, ਮੈਸੂਰ ਵਿਚ ਕੰਮ ਕਰਦਾ ਹੈ। ਸ਼ਾਇਦ ਸ਼ਬਦਾਂ ਨਾਲ ਇਸ ਅਜਬ ਰਿਸ਼ਤੇ ਨੇ ਉਸ ਨੂੰ ਭਾਸ਼ਾ ਵਿਗਿਆਨੀ ਬਣਾ ਦਿੱਤਾ। ਹੁਣ ਪਟਿਆਲੇ ਜਾਂਵਾਂ ਤਾਂ ਮੈਨੂੰ ਮੇਰੀਆਂ ਯਾਦਾਂ ਦਾ ਪਟਿਆਲਾ ਨਹੀਂ ਮਿਲਦਾ। ਹੁਣ ਵੀ ਓਥੇ ਸਾਡੇ ਵਰਗੀਆਂ ਬੇਚੈਨ ਆਤਮਾਵਾਂ ਹੋਣਗੀਆਂ। ਹੁਣ ਵੀ ਦਰਖ਼ਤਾਂ ਦੇ ਪੱਤੇ ਉਡ ਉਡ ਕੇ ਪੈੜਾਂ ਤੇ ਡਿਗਦੇ ਹੋਣਗੇ, ਪਰ ਮੇਰਾ ਪਟਿਆਲਾ ਹੁਣ ਮੇਰੇ ਮਨ ਵਿਚ ਹੀ ਵਸਦਾ ਹੈ, ਧਰਤੀ ਉਤੇ ਨਹੀਂ। ਜਦ ਪਹਿਲੇ ਦਿਨ ਮੈਡਮ ਟਿਵਾਣਾ ਦੀ ਕਲਾਸ ਵਿਚ ਗਏ ਸਾਂ ਤਾਂ ਉਨ੍ਹਾਂ ਨੇ ਕਿਹਾ ਸੀ: ਇਕ ਦੁਨੀਆ ਅੰਦਰ ਅਸੀਂ ਵਸਦੇ ਹਾਂ, ਇਕ ਦੁਨੀਆ ਸਾਡੇ ਅੰਦਰ ਵਸਦੀ ਹੈ। ਇਸ ਵਾਕ ਦੀ ਪੂਰੀ ਸਮਝ ਹੁਣ ਹੀ ਆਈ ਹੈ।

2 comments:

Mampi said...

wish you had posted it in unicode,,,,
now when the entire punjabi blogworld is buzzing with the change, you should also consider it.

jaypee said...

IT IS IN UNICODE NOW